ਚਿਰਾਗ ਮੈਗਜ਼ੀਨ ਦੀ ਆਰਕਾਈਵ ਵਿੱਚ ਜੀ ਆਇਆਂ ਨੂੰ!
ਤ੍ਰੈਮਾਸਕ ਪੰਜਾਬੀ ਮੈਗਜ਼ੀਨ ਚਿਰਾਗ ਦਾ ਪਹਿਲਾ ਅੰਕ ਜੁਲਾਈ-ਸਤੰਬਰ 1992 ਵਿੱਚ ਛਪਿਆ ਸੀ। ਮੈਗਜ਼ੀਨ ਨੂੰ ਛਾਪਣ ਦੇ ਮਕਸਦ ਬਾਰੇ ਜਾਣਕਾਰੀ ਦਿੰਦਿਆਂ, ਉਸ ਸਮੇਂ ਇਸ ਦੇ ਸੰਪਾਦਕ ਹਰਭਜਨ ਸਿੰਘ ਹੁੰਦਲ ਨੇ ਲਿਖਿਆ ਸੀ:
” ਚਿਰਾਗ ਜਨ–ਜੀਵਨ ਦੇ ਹਨੇਰੇ ਪੱਖਾਂ ਨੂੰ ਰੌਸ਼ਨ ਕਰਨ ਦਾ ਮਾਰਗ ਲੈ ਕੇ ਤੁਰਿਆ ਹੈ। ਇਹ ਧਾਰਮਿਕ ਹਨੇਰ ਬਿਰਤੀਵਾਦ, ਫਿਰਕਾ–ਪ੍ਰਸਤੀ ਦੇ ਕਾਲੇ ਤੇ ਮਾਰੂ ਪ੍ਰਛਾਂਵਿਆਂ ਤੋਂ ਪਾਠਕਾਂ ਨੂੰ ਜਾਣੂ ਕਰਾਉਂਦਾ, ਜਨਵਾਦੀ ਸੰਘਰਸ਼ਾਂ, ਧਰਮ–ਨਿਰਪੇਖ ਆਦਰਸ਼ਾਂ ਤੇ ਪ੍ਰਗਤੀਸ਼ੀਲ ਉਦੇਸ਼ਾਂ ਦਾ ਸਾਹਿਤਕ ਪੱਧਰ `ਤੇ ਚਿਤਰਨ ਕਰਦਾ, ਕਲਾ ਤੇ ਸਾਹਿਤ ਦੇ ਉੱਚੇ ਤੇ ਸੁੱਚੇ ਮਿਆਰਾਂ ਨੂੰ ਕਦੇ ਵੀ ਅੱਖੋਂ ਪ੍ਰੋਖੇ ਨਹੀਂ ਕਰੇਗਾ।
ਸਮਕਾਲੀ ਗੁੰਝਲਦਾਰ ਸਮਾਜਿਕ ਪ੍ਰਸਥਿਤੀਆਂ ਦਾ ਨਰੋਏ ਤੇ ਸਵਸਥ ਦ੍ਰਿਸ਼ਟੀਕੋਣ ਤੋਂ ਚਿਤਰਨ ਕਰਦੀਆਂ ਕਵਿਤਾਵਾਂ ਤੇ ਕਹਾਣੀਆਂ ਦੇ ਨਾਲ ਨਾਲ ਚਿਰਾਗ ਸਾਹਿਤ, ਸਭਿਆਚਾਰ, ਭਾਸ਼ਾ ਤੇ ਦਰਸ਼ਨ ਦੇ ਭਖਦੇ ਮਸਲਿਆਂ ਉੱਤੇ ਵਿਚਾਰ–ਉਕਸਾਊ ਲਿਖਤਾਂ ਛਾਪਕੇ ਭਖਵੀਂ ਤੇ ਨਰੋਈ ਬਹਿਸ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ।
ਚਿਰਾਗ ਨਵੀਂ ਪ੍ਰਤਿਭਾ ਨੂੰ ਲੱਭ ਲੱਭ ਕੇ ਪੇਸ਼ ਕਰਨ ਦਾ ਨਿਰੰਤਰ ਯਤਨ ਜਾਰੀ ਰੱਖੇਗਾ। ਇਹ ਪ੍ਰਗਤੀਵਾਦੀ ਸਾਹਿਤਕ ਸਭਿਆਚਾਰਕ ਲਹਿਰ ਦੇ ਆਦਰਸ਼ਾਂ ਤੇ ਆਸਿ਼ਆਂ ਦਾ ਗੰਭੀਰ ਮੁਲਾਂਕਣ ਕਰਨ ਦੇ ਨਾਲ ਨਾਲ ਸਮੇਂ ਦੀਆਂ ਨਵੀਂਆਂ ਚੁਣੌਤੀਆਂ ਨੂੰ ਸਾਹਿਤਕ ਪੱਧਰ `ਤੇ ਪ੍ਰਵਾਨ ਕਰਦਾ, ਇਸ ਲਹਿਰ ਨੂੰ ਸਮੇਂ ਦੀ ਹਾਣੀ ਬਨਾਉਣ ਲਈ ਸਾਹਿਤਕ, ਜਥੇਬੰਦਕ ਤੇ ਸਿਰਜਣਾਤਮਿਕ ਉਪਰਾਲੇ ਕਰੇਗਾ।
ਅਜੇਹੇ ਉੱਚੇ ਤੇ ਸੁੱਚੇ ਸਾਹਿਤਕ ਕਾਰਜਾਂ ਨੂੰ ਸਿਰੇ ਚਾੜ੍ਹਦਾ ਚਿਰਾਗ ਸੁਹਜ–ਸ਼ਾਸਤਰ ਦੇ ਸਰਬ ਪ੍ਰਵਾਨਤ ਸਾਹਿਤਕ ਮਾਪਦੰਡਾਂ ਨੂੰ ਦ੍ਰਿਸ਼ਟੀ–ਗੋਚਰ ਕਰਦਾ ਹੋਇਆ ਕਲਾਤਮਿਕ ਪੱਧਰ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰੇਗਾ।
ਸੰਵਾਦ ਤੇ ਗਹਿਰ–ਗੰਭੀਰ ਵਾਦ ਵਿਵਾਦ ਦੀ ਵਿਧੀ ਅਪਣਾਉਂਦਿਆਂ ਇਹ ਪੱਤਰ ਧਾਰਮਕ ਮੂਲਵਾਦ, ਫਿਰਕਾਪ੍ਰਸਤੀ ਤੇ ਪੁਨਰ–ਸੁਰਜੀਤਵਾਦ ਦੇ ਮਨੁੱਖ–ਵਿਰੋਧੀ ਪੈਂਤੜਿਆਂ ਨੂੰ ਰੱਦ ਕਰਦਾ ਇਨਸਾਨੀ–ਦੋਸਤੀ ਤੇ ਮਨੁੱਖੀ–ਪਿਆਰ ਦੇ ਉੱਚੇ ਆਦਰਸ਼ਾਂ ਦੀ ਪੁਨਰ ਸਥਾਪਨਾ ਲਈ ਆਪਣੇ ਸਾਹਿਤਕ ਯਤਨ ਜਾਰੀ ਰੱਖੇਗਾ ਅਤੇ ਸਾਰੇ ਚੰਗੇ ਲੇਖਕਾਂ ਦੀਆਂ ਨਰੋਈ ਦਿੱਖ ਵਾਲੀਆਂ ਰਚਨਾਵਾਂ ਪੇਸ਼ ਕਰਦਾ ਹੋਇਆ, ਸੰਕੀਰਣਤਾ ਤੋਂ ਬਚਣ ਦਾ ਯਤਨ ਕਰੇਗਾ।“
1992 ਤੋਂ ਸ਼ੁਰੂ ਹੋ ਕੇ ਚਿਰਾਗ ਹੁਣ ਤੱਕ ਨਿਕਲ ਰਿਹਾ ਹੈ। ਇਸ ਸਮੇਂ ਇਸ ਦੇ ਸੰਪਾਦਕ ਡਾ: ਕਰਮਜੀਤ ਸਿੰਘ ਹਨ।
ਪੰਜਾਬੀ ਸਾਹਿਤਕ ਜਗਤ ਵਿੱਚ ਚਿਰਾਗ ਦੀ ਇਕ ਵੱਖਰੀ ਅਤੇ ਸਤਿਕਾਰਯੋਗ ਪਛਾਣ ਹੈ। ਇਸ ਵਿੱਚ ਪਾਕਿਸਤਾਨ ਪੰਜਾਬੀ ਸਾਹਿਤ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਰਹੀ ਹੈ। ਇਸ ਲਈ ਪੰਜਾਬੀ ਪਾਠਕਾਂ ਨੂੰ ਦੋਹਾਂ ਪੰਜਾਬਾਂ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਨਾਲ ਜਾਣੂ ਕਰਵਾਉਣ ਵਿੱਚ ਚਿਰਾਗ ਦੀ ਵਿਸ਼ੇਸ਼ ਭੂਮਿਕਾ ਹੈ। ਇਸ ਤੋਂ ਬਿਨਾਂ ਚਿਰਾਗ ਨੇ ਕਈ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ ਹਨ ਜਿਹਨਾਂ ਵਿੱਚ ਸ਼ਾਮਲ ਹਨ: ਨਾਜਿ਼ਮ ਹਿਕਮਤ ਵਿਸ਼ੇਸ਼ ਅੰਕ, ਪੰਜਾਬੀ ਆਲੋਚਨਾ ਵਿਸ਼ੇਸ਼ ਅੰਕ, ਖਾਲਸਾ-ਸਿਰਜਣਾ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਤ ਵਿਸ਼ੇਸ਼ ਅੰਕ, ਦਲਿਤ ਸਾਹਿਤ ਵਿਸ਼ੇਸ਼ ਅੰਕ, ਪਾਬਲੋ ਨੇਰੂਦਾ ਵਿਸ਼ੇਸ਼ ਅੰਕ, ਜੰਗ ਵਿਰੋਧੀ ਕਵਿਤਾ ਵਿਸ਼ੇਸ਼ ਅੰਕ, ਮਹਿਮੂਦ ਦਰਵੇਸ਼ ਕਵਿਤਾ ਵਿਸ਼ੇਸ਼ ਅੰਕ, ਪਾਕਿਸਤਾਨੀ ਪੰਜਾਬੀ ਕਹਾਣੀ ਵਿਸ਼ੇਸ਼ ਅੰਕ, ਵਾਹਗੇ ਪਾਰ ਦੀ ਪੰਜਾਬੀ ਕਵਿਤਾ ਵਿਸ਼ੇਸ਼ ਅੰਕ, ਦੁਖਾਂਤ ਸੰਨ ਸੰਤਾਲੀ ਵਿਸ਼ੇਸ਼ ਅੰਕ, ਇੰਟਰਵਿਊ ਵਿਸ਼ੇਸ਼ ਅੰਕ, ਫੈਜ਼ ਅਹਿਮਦ ਫੈਜ਼-ਜਨਮ ਸ਼ਤਾਬਦੀ ਵਿਸ਼ੇਸ਼ ਅੰਕ, ਕਾਮਰੇਡ ਸੁਰਜੀਤ ਗਿੱਲ ਵਿਸ਼ੇਸ਼ ਅੰਕ, ਗਦਰ ਪਾਰਟੀ ਲਹਿਰ ਸ਼ਤਾਬਦੀ ਵਿਸ਼ੇਸ਼ ਅੰਕ, ਲੋਕ ਕਵੀ ਹਬੀਬ ਜਾਲਿਬ ਵਿਸ਼ੇਸ਼ ਅੰਕ, ਅਤੇ ਸੁਹੇਲ ਵਿਸ਼ੇਸ਼ ਅੰਕ। ਚਿਰਾਗ ਵਲੋਂ ਕੱਢੇ ਗਏ ਇਹ ਵਿਸ਼ੇਸ਼ ਅੰਕ ਚਿਰਾਗ ਦੀ ਇਕ ਮਾਨਯੋਗ ਪ੍ਰਾਪਤੀ ਹੈ।
ਚਿਰਾਗ ਦੇ ਅੰਕਾਂ ਨੂੰ ਸੰਭਾਲਣ ਅਤੇ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਲਈ ਅਸੀਂ ਇਸ ਦੀ ਡਿਜੀਟਲ ਆਰਕਾਈਵ ਤਿਆਰ ਕੀਤੀ ਹੈ। ਇਸ ਸਮੇਂ ਇਸ ਡਿਜੀਟਲ ਆਰਕਾਈਵ ਵਿੱਚ ਸੰਨ 1992-2018 ਤੱਕ ਛਪੇ ਅੰਕ ਸ਼ਾਮਲ ਹਨ। ਇਹਨਾਂ ਵਿੱਚੋਂ ਕੁੱਝ ਮਿਸਿੰਗ ਵੀ ਹਨ। ਇਹ ਮਿਸਿੰਗ ਅੰਕ ਅਤੇ 2018 ਤੋਂ ਬਾਅਦ ਦੇ ਅੰਕ ਪ੍ਰਾਪਤ ਕਰਕੇ ਅਸੀਂ ਛੇਤੀ ਹੀ ਚਿਰਾਗ ਦੀ ਆਰਕਾਈਵ ਨੂੰ ਮੁਕੰਮਲ ਕਰਾਂਗੇ।
ਸਾਨੂੰ ਚਿਰਾਗ ਦੇ ਇਹ ਅੰਕ ਡਾ: ਹਰਪ੍ਰੀਤ ਸਿੰਘ ਹੁੰਦਲ ਤੋਂ ਪ੍ਰਾਪਤ ਹੋਏ ਹਨ। ਇਸ ਲਈ ਅਸੀਂ ਉਹਨਾਂ ਦੇ ਤਹਿਦਿਲੋਂ ਧੰਨਵਾਦੀ ਹਾਂ।
ਆਸ ਹੈ ਕਿ ਪੰਜਾਬੀ ਸਾਹਿਤ ਦੇ ਪਾਠਕ, ਵਿਦਿਆਰਥੀ ਅਤੇ ਖੋਜੀ ਸਾਡੀ ਇਸ ਕੋਸਿ਼ਸ਼ ਨੂੰ ਸਵੀਕਾਰ ਕਰਨਗੇ ਅਤੇ ਇਸ ਡਿਜੀਟਲ ਆਰਕਾਈਵ ਦਾ ਭਰਪੂਰ ਫਾਇਦਾ ਉਠਾਉਣਗੇ।
ਸੁਖਵੰਤ ਹੁੰਦਲ (sukhwanthundal123@gmail.com)
